Skip to content
December 29, 2011

ਜੂਨਾਂ

ਅੱਜ ਵੀ ਓਹੀ ਸੋਚਦਾਂ ਹਾਂ
ਪਲਾਂ ਦੀ ਜਿੰਦਗੀ ਤੇ
ਉਮਰਾਂ ਦੀ ਮੌਤ
ਵਾਰ – ਵਾਰ ਮਰਨ ਦੀ ਕੋਸ਼ਿਸ਼ ‘ਚ ਜਨਮ ਲੈਂਦਾਂ ਹਾਂ |
ਫਿਰ ਉਸ ਨੂੰ ਵੇਖਦਾ ਹਾਂ ਜੋ ਜਨਮ ਦੀ ਕੋਸ਼ਿਸ਼ ਵਿਚ
ਵਾਰ – ਵਾਰ ਮਰਦੇ ਹਨ |
ਅਸੀਂ ਤਾਂ ਇਥੇ ਹੀ ਚੁਰਾਸੀ ਲਖ ਜੂਨਾ ਭੁਗਤ ਲਈਆਂ ਹਨ |
ਫਿਰ ਬਾਕੀ ਕਿਸ ਵਾਸਤੇ ਹਨ ??
ਆ ਕਦੇ ਤੂੰ ਵੀ
ਤੇ ਧੰਨਵਾਦ ਕਰ ਉਹਨਾ ਪਲਾਂ ਦਾ
ਜੋ ਇਕ – ਇਕ ਕਰਕੇ
ਜੂਨ ਕੱਟੀ ਜਾ ਰਹੇ ਹਨ |
ਤੈਨੂੰ ਵੀ ਮਿਹਸੂਸ ਹੁੰਦਾ ਹੈ ਨਾ
ਕਿ ਸਬ ਵਖਰਾ ਵਖਰਾ ਐ ,
ਇੱਕ ਵੀ ਸਤਰ ਦੂਸਰੀ ਨਾਲ ਨਹੀਂ ਮਿਲਦੀ
ਹਾਂ ਇਹ ਹਨ
ਜੂਨਾ
ਵਖਰੀਆਂ – ਵਖਰੀਆਂ
ਬਸ – ਕੋਈ ਮੌਤ ਤੇ ਕੋਈ ਜਨਮ ||

ਪਰਦੀਪ ਸਿੰਘ

December 19, 2011

Kavita

ਉਹਨਾ ਮੇਰੀਆਂ
ਚਾਰ ਕੁ
ਸਤਰਾਂ ਪੜੀਆਂ
ਬੋਲੇ , ” ਕੋਈ ਰਿਦਮ ਤਾਂ ਹੈ ਨਹੀਂ |”
ਮੈਂ ਕਿਹਾ
ਕਿ
ਟੁਟਦਿਆਂ ਸਾਹਾਂ ‘ਚ
ਕਦੇ ਰਿਧਮ ਨਹੀਂ ਹੁੰਦਾ|
ਫਿਰ ਬੋਲੇ
ਕੋਈ ਵਜ਼ਨ ਵੀ ਨਹੀਂ
ਮੈਂ ਅਚਨਚੇਤ ਬੋਲਿਆ
ਜਿੰਦਗੀ ਦਾ ਤਾਂ ਬਹੁਤ ਭਾਰ ਐ
ਢੋ ਕੇ ਵੇਖੋ
ਦੇਰ ਬਾਅਦ ਫਿਰ ਬੋਲੇ
ਕਾਫੀਆ ਵੀ ਤਾਂ ਨਹੀਂ ਮਿਲਦਾ
ਮੈਂ ਖਿਝ ਕੇ ਕਿਹਾ
ਸਾਡੇ ਤਾਂ
ਕਦੇ
ਸਾਹ ਨਾਲ ਸਾਹ ਨਹੀਂ ਮਿਲੇ
ਤੁਸੀਂ ਕਹਿੰਦੇ ਹੋ ……………..!!!!!!!!!!!!!!!!
ਫਿਰ
ਮੈਂ ਵੀ ਚੁੱਪ
ਤੇ
ਓਹ ਵੀ ਚੁੱਪ
ਇਕ ਅਰਸੇ ਬਾਅਦ ਆਏ
‘ਤੇ ਬੋਲੇ
ਓਹ ਕਵਿਤਾ ਨਹੀਂ
ਸ਼ਾਇਦ ਜਿੰਦਗੀ ਸੀ ||

ਪਰਦੀਪ ਸਿੰਘ
੨੬/੦੮/੨੦੦੩
੯.੩੦ ਸ਼ਾਮ

November 16, 2011

bali

ਬਲੀ
ਸਿਖਰ ਦੁਪਹਿਰ ‘ਤੇ
ਪਰਛਾਵਿਆਂ ਦੀ ਭੀੜ
ਹਵਾਵਾਂ ਦੇ ਵੇਗ ਨਾਲ
ਕਦੇ ਅਗੇ ਤੇ ਕਦੇ ਪਿਛੇ ਤੁਰਦੀ ਜਾਂਦੀ ਹੈ |
ਪਰਛਾਵਿਆਂ ਦੇ ਸਖਣੇਪਨ ਨੂੰ
ਚਾਰ ਚੰਨ ਲਾਉਂਦੀਆਂ
ਚੁਪ ਚੀਸਾਂ |
ਰੂਹਾਂ ਤੇ ਜਿਸਮਾਂ ਦੀ ਦਾਸਤਾਨ ਨੂੰ
ਇੱਕਠਾ ਕਰਨ ਦਾ ਅਧੂਰਾ ਯਤਨ
ਬੇਅਰਥ ਹੀ ਸੋਚਾਂ ਦੇ ਖੜਕੇ ‘ਚੋਂ
ਚੁੱਪ ਦਾ ਅਸੀਮ ਸੁਖ ਭਾਲਦਾ ਹੈ |

ਸੁਪਨਿਆ ਨੂੰ ਉਮੀਦਾਂ ਦੀ ਮਜ਼ਾਰ ‘ਤੇ
ਬਲੀ ਦਿੰਦਿਆਂ -ਦਿੰਦਿਆਂ
ਰੂਹਾਂ ਤੋਂ ਜਿਸਮਾਂ
ਤੇ ਜਿਸਮਾਂ ਤੋਂ
ਪਰਛਾਵਿਆਂ ਦਾ ਸਫ਼ਰ
ਪਤਾ ਨਹੀਂ ਕਦੋਂ ਨਿਕਲ ਗਿਆ |
ਮੰਜਿਲਾਂ ਦੇ ਪਰਛਾਵੇਂ
ਜਿਸਮਾਂ ਨੂ ਮਿਲ ਕੇ
ਸਫਲਤਾ ਦੇ ਅਣਕਹੇ ਸੁਪਨੇ ਲਿਖਦੇ ਹਨ|
ਇਹਨਾ ਮੇਲਿਆਂ ‘ਚ ਸਭ ਗੁੰਮ ਹੋ ਗਏ ਹਨ
ਕੋਈ ਜਿਸਮ ਬਣ ਕੇ
ਤੇ ਕੋਈ ਪਰਛਾਵੇਂ ਬਣ ਕੇ |
ਪਰ
ਮ੍ਜਾਰਾਂ ਕਾਇਮ ਨੇ
ਮੇਲਿਆਂ ਲਈ
ਜਿਸਮਾ ਲਈ
ਪਰਛਾਵਿਆਂ ਲਈ
ਤੇ ਸੁਪਨੇ ਕਾਇਮ ਨੇ
ਬਲੀ ਹੋਣ ਲਈ ||

ਪਰਦੀਪ ਸਿੰਘ
੧੬/ ੦੪/੦੪

August 25, 2011

Blank spaces (ਖਾਲੀ ਥਾਂਵਾਂ )

ਜਿੰਦਗੀ ਦੇ ਹਰ ਮੋੜ ਤੇ
ਆਪਨੇ ਜਿਉਂਣ ਦੀ ਸਮੀਖਿਆ ਕਰਦਾ ਰਿਹਾ |
ਆਪਣੀਆਂ ਆਦਤਾਂ
ਸੋਚਣ ਦੀ ਸਮਰਥਾ
ਲੋਕਾਂ ਦੇ ਤੌਰ – ਤਰੀਕੇ
ਹਵਾਵਾਂ ਦਾ ਵੇਗ
ਸਮੇਂ ਦੀ ਨਜਾਕਤ
ਜਮਾਨੇ ਦਾ ਰੌਂ
ਬਹੁਤ ਕੁਜ ਦੇਖਣ ਦੀ ਕੋਸ਼ਿਸ਼ ਕੀਤੀ
ਹਰ ਇੱਕ ਚੀਜ ਦਾ ਮੁਲਾਕਣ
ਕਦੇ ਵਧ ਤੇ ਕਦੇ ਘੱਟ
ਹੁੰਦਾ ਰਿਹਾ |
ਆਪਨੇ ਆਪ ਨੂੰ
ਆਪਨੇ ਹੀ ਹੀ ਅਸੂਲਾਂ ਦੇ ਪੈਮਾਨੇ ਤੇ
‘ਤੇ ਕਦੇ ਦੁਨੀਆਂ ਦੇ ਪੈਮਾਨੇ ਤੇ
ਮੇਚਦਾ ਰਿਹਾ |
ਪਰ ਹਮੇਸ਼ਾ ਘੱਟ
ਕਦੇ ਥੋੜਾ
ਤੇ
ਕਦੇ ਬਹੁਤਾ |
ਘਾਟੇ ਦੀ ਖਾਲੀ ਥਾਂ ਨੂੰ
ਭਰਨ ਲਈ
ਪਦਾਰਥਵਾਦੀ ਵਿਚਾਰਾਂ ਦਾ ਵਰਤਿਆ ਜਾਣਾ
ਮੇਰੀ ਮਜਬੂਰੀ ਰਹੀ
ਫਿਰ ਇਹ ਘਾਟਾ ਕਿਸੇ ਦੇ ਆਗਮਨ ਨਾਲ
ਥੋੜਾ ਭਰਦਾ ਨਜਰ ਆਇਆ
ਅਤੇ ਸੋਚਿਆ ; ਉਸਦੇ ਆਉਣ ਨਾਲ
ਮੈਨੂੰ ਪਦਾਰਥਵਾਦੀ ਵਿਚਾਰਾਂ ਤੋਂ ਛੁਟਕਾਰਾ ਮਿਲੇਗਾ
ਇਸੇ ਲਈ
ਆਪਣੇ ਅਧੂਰੇ ਅਰਮਾਨਾ ਦੀ ਸ਼ਬ੍ਦਾਵਲੀ ਵਿਚ
ਪਈ ਖਾਲੀ ਥਾਂ ਨੂੰ
ਉਸ ਨਾਲ ਭਰ ਦਿੱਤਾ
ਪਰ ਉਸਦੇ ਅਰਥਾਂ ਨੂੰ ਲਭਣ ਲਈ
ਮੇਰੇ ਆਲੇ ਦੁਆਲੇ
ਖਾਲੀ ਥਾਵਾਂ ਦੀ ਹੋੜ ਜਮ ਗਈ
ਇਸ ਹਜੂਮ ‘ਚੋਂ
ਕਦੇ ਭਜਨ ਦੀ ਕੋਸ਼ਿਸ਼ ਕਰਦਾ
ਤੇ ਕਦੇ
ਹਜੂਮ ਨੂੰ ਭਜਾਉਣ ਦੀ |
ਕਿਸੇ ਕਿਹਾ
ਕਿ
ਖਾਲੀ ਥਾਵਾਂ ਨੂੰ ਭਰਨ ਲਈ
ਰਿਸ਼ਤਿਆਂ ਦੀ ਜਰੂਰਤ ਹੁੰਦੀ ਹੈ |
ਪਰ ਦੁਨੀਆਂ ਦੀ ਤਰਾਂ ਦਾ
ਉਸਦੇ ਤੇ ਮੇਰੇ ‘ਚ
ਕੋਈ ਵੀ ਰਿਸ਼ਤਾ ਨਹੀਂ ਸੀ |
ਕੋਈ ਵੀ ਰਿਸ਼ਤਾ ਉਸਦੇ ਮੇਚ ਨਹੀਂ ਸੀ ਆ ਰਿਹਾ |
ਮੈਂ ਕਈ ਵਾਰ
ਕਦੀ ਰਿਸ਼ਤਿਆਂ ਦੀ ਸ਼ਬ੍ਦਾਵਲੀ
ਤੇ ਕਦੇ
ਆਪਣੀ ਜਿੰਦਗੀ ਦੇ
ਊਹ ਚਾਰ ‘ਕੁ ਅਖਰ
ਵਾਰ – ਵਾਰ ਫਰੋਲਦਾ
ਪਰ ਮੇਰੇ ਦਿਮਾਗ ‘ਚ
ਆਦਤਾਂ, ਤੌਰ – ਤਰੀਕੇ, ਸਮਰਥਾ, ਨਜਾਕਤ, ਵੇਗ, ਪੈਮਾਨੇ, ਮੁਲਾਂਕਣ
ਤੇ
ਰਿਸ਼ਤੇ ਵਰਗੇ ਕਈ ਸ਼ਬਦ
ਆਉਂਦੇ ਰਹੇ ਜਾਂਦੇ ਰਹੇ|
ਪਰ ਸਾਡੇ ਦੋਹਾਂ ਵਿਚਕਾਰ
ਖਾਲੀ ਥਾਵਾਂ
ਸਿਰਫ ਖਾਲੀ ਥਾਵਾਂ ਦਾ
ਹਜੂਮ ||

ਪਰਦੀਪ ਸਿੰਘ
੧੩/੦੯/ ੦੩
੧੦.੧੫ ਬਾਅਦ ਦੁਪਹਰ

August 7, 2011

ਟਿਕਟਿਕੀ ਲਗੀ ਰਹਿੰਦੀ ਐ
ਚੋਖਟ ਤੇ
ਹਵਾ ਦੇ ਨਾਲ ਦੋ ਕਖ ਵੀ ਓਡਦੇ ਨੇ
ਤੇ ਆਵਾਜ਼ ਆਉਂਦੀ ਐ ,
ਕੌਣ ਕਹਿੰਦਾ ਐ
ਕਿ
ਤੇਰੇ ਜਾਣ ਤੋਂ ਬਾਅਦ ਸਬ ਸੁੰਨ – ਸਾਨ ਐ !!!!!!

August 4, 2011

Avagaman

ਆਵਾਗਮਨ
ਮੇਰੇ ਦਿਲ ਦੇ ਚਿਤਰਪਟ ਤੇ ਖੁਨਿਆ ਮੁਹਾਂਦਰਾ
ਵਾਰ ਵਾਰ ‘ਓਹੀ’ ਸ਼ਕਲ
ਇਖਤਿਆਰ ਕਰਦਾ ਏ |
ਫਿਰ ਇਸ ਸ਼ਕਲ ਲਈ
ਕਦੇ ਸਾਧਨ ਜੁਟਾਉਂਦਾਂ ਹਾਂ
ਤੇ ਕਦੇ ਸਾਧਨਾ |
ਆਵਾਗਮਨ ਦੇ ਚਕਰਾਂ ਵਿਚ
ਪਰਤ – ਦਰ – ਪਰਤ ਜੂਨ ਭੂਗਤਦਾ ਹਾਂ|
ਸਧਰਾਂ ਦੇ ਪਾਣੀ
ਦਿਲ ਦੀਆਂ ਜੂਹਾਂ ਟਪਦੇ ਹਨ
ਅਹਿਸਾਸਾਂ ਦੇ ਰਿਸਦੇ ਸੈਲਾਬ ਨੂੰ ਰੋਕਣ ਲਈ
ਉਸਦੀਆਂ ਯਾਦਾਂ ਦਾ ਕਾਫਲਾ
ਦਿਲ ਦੇ ਰੇਗਿਸਤਾਨ ‘ਚ
ਰਸਤਾ ਭੁਲ ਕੇ
ਰੋਜ਼ ਬ੍ਰੇਹਿਮੰਡ ਦੀਆਂ ਦਿਸ਼ਾਵਾਂ ਬਦਲਣ ਦੀ
ਕੋਸ਼ਿਸ਼ ਕਰਦੇ ਰਹੰਦੇ ਹਨ|
ਚਾਹੇ – ਅਣ – ਚਾਹੇ ਇਹ ਧੁਆਂ
ਮੇਰੇ ਆਸ ਪਾਸ ਚਿਤਰਪਟ ਤੇ
ਸਿਆਹੀ ਵਾਂਗ ਬਿਖਰ ਜਾਣਦਾ ਹੈ |
ਇਹ ਤਾਂ ਮੈਂ ਵੀ ਜਾਣਦਾਂ ਹਾਂ
ਕਿ ਸਿਆਹੀ ਨੂੰ ਮੁਠੀ ਵਿਚ ਨਹੀ ਫੜਿਆ ਜਾ ਸਕਦਾ
ਪਰ ਕਿ ਕਰਾਂ
ਇਸ ਧੁੰਏ ਦਾ,
ਉਸ ਚਿਤਰਪਟ ਦਾ,
ਉਸ ਰੇਗਿਸਤਾਨ ਦਾ ………………………..|
ਜਾਂ ਫਿਰ ਛਡ ਦੇਵਾਂ ; ਜੂਨ ਭੁਗਤਾਨ ਲਈ ||

ਪਰਦੀਪ ਸਿੰਘ
੨੦੦੩

August 4, 2011

shuruaat

ਹੁਣ ਤਾਂ ਲਿਖਣ ਨੂੰ ਵੀ
ਕੁੱਜ ਨਹੀਂ ਰਹਿ ਗਿਆ
ਐਵੇਂ ਕਲਮ ਘਸੀਟੀਆਂ
ਭਵਿਖ ਨਹੀਂ ਬਦਲਦੇ
ਤੇ ਨਾ ਹੀ
ਉਮਰਾਂ ਦੇ ਵਹਿਣ |
ਉਮਰ ਦੇ ਤਕਾਜੇ ਨਾਲ
ਹਰ ਮਨੁੱਖ ਆਪਣੀ ਹੱਦ ਬੰਦੀ ਕਰ ਲੈਂਦਾ ਹੈ
ਤੇ ਬੱਸ, ਫਿਰ ਕੀ….????
ਜਿੰਦਗੀ ਦੀ ਪਰਿਭਾਸ਼ਾ ‘ਚ
ਸਿਮਾਂਵਾਂ ਦੀ ਸ਼ੁਰੁਆਤ ਹੋ ਜਾਂਦੀ ਹੈ !!

ਪਰਦੀਪ ਸਿੰਘ
੧੨-੦੪- ੦੫
੧੧.੪੪ ਪਹਿਲਾਂ ਦੁਪਿਹਰ

Follow

Get every new post delivered to your Inbox.